
Chanchal Manohar Singh
ਜ਼ਫ਼ਰਨਾਮਾ
ਜ਼ਫ਼ਰਨਾਮਾ ਅਰਥਾਤ ‘ਜਿੱਤ ਦੀ ਪ੍ਰਾਪਤੀ’ 111 ਤੁਕਾਂ ਦਾ ਪੱਤਰ ਹੈ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ (1666-1708) ਨੇ ਦੀਨਾ, ਜ਼ਿਲ੍ਹਾ ਬਠਿੰਡਾ, ਪੰਜਾਬ ਵਿਖੇ ਫ਼ਾਰਸੀ ਭਾਸ਼ਾ ਵਿੱਚ ਲਿਖ ਕੇ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ, ਦੋ ਪੰਜ ਪਿਆਰਿਆਂ ਦੇ ਹੱਥ ਔਰੰਗਜ਼ੇਬ (1618-1707) ਨੂੰ ਭੇਜਿਆ ਸੀ। ਔਰੰਗਾਬਾਦ, ਮਹਾਂਰਾਸ਼ਟਰ, ਵਿਖੇ ਜਿੱਥੇ ਜਾ ਕੇ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਠਹਿਰੇ ਸਨ ਉਸ ਥਾਂ ’ਤੇ ਗੁਰਦੁਆਰਾ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਸੁਸ਼ੋਭਤ ਹੈ। ਉਨ੍ਹਾਂ ਦੋਹਾਂ ਸਿੱਖਾਂ ਨੇ ਔਰੰਗਾਬਾਦ ਵਿਖੇ ਮੁਗ਼ਲ ਅਹਿਲਕਾਰਾਂ ਅਤੇ ਦਰਬਾਰੀਆਂ ਨਾਲ ਸਬੰਧ ਕਾਇਮ ਕਰ ਕੇ ਸਿੱਧਾ ਅਹਿਮਦਨਗਰ, ਮਹਾਂਰਾਸ਼ਟਰ ਜਾ ਕੇ ਔਰੰਗਜ਼ੇਬ ਨੂੰ ਹੱਥੀਂ ਦਿੱਤਾ ਸੀ। ਉਸ ਸਮੇਂ ਔਰੰਗਜ਼ੇਬ ਦੀ ਉਮਰ 89 ਸਾਲ ਦੀ ਸੀ ਤੇ ਉਹ ਕਿਸੇ ਵੱਲੋਂ ਵੀ ਭੇਜੇ ਹੋਏ ਦੂਤ ਰਾਹੀਂ ਕੋਈ ਪੱਤਰ ਨਹੀਂ ਸੀ ਲੈਂਦਾ। ਗੁਰੂ ਸਾਹਿਬ ਨੇ ਇਹ ਪੱਤਰ ਚਮਕੌਰ ਸਾਹਿਬ ਦੀ ਲੜਾਈ (ਦਸੰਬਰ 7, 1705) ਅਤੇ ਮੁਕਤਸਰ ਸਾਹਿਬ (ਦਸੰਬਰ 29, 1705) ਦੀ ਲੜਾਈ ਤੋਂ ਬਾਅਦ ਲਿਖਿਆ ਸੀ। ਉਸ ਸਮੇਂ ਤੱਕ ਮੁਗ਼ਲਾਂ ਵੱਲੋਂ ਉਨ੍ਹਾਂ ਦੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ, ਉਨ੍ਹਾਂ ਦੇ ਚਾਰੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕੀਤਾ ਜਾ ਚੁੱਕਾ ਸੀ।
ਗੁਰੂ ਸਾਹਿਬ ਨੇ ਉਸ ਨੂੰ ਲਿਖਿਆ ਕਿ ਉਸ ਵੱਲੋਂ ਕੁਰਾਨ ਦੀ ਕਸਮ ਖਾ ਕੇ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਜੇ ਉਹ ਆਨੰਦਪੁਰ ਸਾਹਿਬ, ਜ਼ਿਲ੍ਹਾ ਰੋਪੜ ਦਾ ਕਿਲਾ ਖਾਲੀ ਕਰ ਦੇਣ ਤਾਂ ਉਨ੍ਹਾਂ ਨੂੰ, ਉਨ੍ਹਾਂ ਦੇ ਪਰਿਵਾਰ ਨੂੰ ਤੇ ਉਨ੍ਹਾਂ ਦੇ ਸਿੱਖਾਂ ਨੂੰ ਤੰਗ ਨਹੀਂ ਕੀਤਾ ਜਾਵੇਗਾ। ਪਰ ਜਿਉਂ ਹੀ ਉਨ੍ਹਾਂ ਨੇ 5-6, 1705 ਦਸੰਬਰ ਦੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕੀਤਾ ਮੁਗ਼ਲਾਂ ਤੇ ਪਹਾੜੀ ਰਾਜਿਆਂ ਦੀ ਸੈਨਾ ਉਨ੍ਹਾਂ ਦੇ ਮਗਰ ਲੱਗ ਤੁਰੀ। 31 ਕੁ ਕਿਲੋਮੀਟਰ ਦਾ ਸਫ਼ਰ ਤਹਿ ਕਰ ਕੇ ਜਦੋਂ ਉਹ ਸਰਸਾ ਨਦੀ, ਜਿਸ ਵਿੱਚ ਕਿ ਉਸ ਵੇੜੇ ਹੜ੍ਹ ਆਇਆ ਹੋਇਆ ਸੀ ਪਹੁੰਚੇ ਤਾਂ ਮੁਗ਼ਲ ਸੈਨਾ ਉਨ੍ਹਾਂ ਦਾ ਪਿਛਾ ਕਰਦੀ ਹੋਈ ਉੱਥੇ ਪਹੁੰਚ ਗਈ। ਇਸ ਅਸਥਾਨ ’ਤੇ ਉਨ੍ਹਾਂ ਦਾ ਸਾਰਾ ਪਰਿਵਾਰ ਤੇ ਸੈਨਾ ਖੇਰੂੰ ਖੇਰੂੰ ਹੋ ਗਏ। ਉਨ੍ਹਾਂ ਦੇ ਮਾਤਾ ਜੀ, ਮਾਤਾ ਗੁਜਰੀ ਜੀ ਤੇ ਦੋਨੋ ਛੋਟੇ ਸਾਹਿਬਜ਼ਾਦੇ – ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਜਿਨ੍ਹਾਂ ਦੀ ਉਮਰ ਕ੍ਰਮਵਾਰ 9 ਸਾਲ ਤੇ 7 ਸਾਲ ਸੀ, ਉਨ੍ਹਾਂ ਤੋਂ ਵਿਛੁੜ ਗਏ। ਉਨ੍ਹਾਂ ਨੂੰ ਉਨ੍ਹਾਂ ਦੇ ਪੁਰਾਣੇ ਰਸੋਈਏ ਨੇ ਆਪਣੇ ਘਰ ਲਿਜਾਣ ਦੀ ਬਜਾਏ ਮੁਗ਼ਲਾਂ ਦੇ ਹਵਾਲੇ ਕਰ ਦਿੱਤਾ। ਸਾਹਿਬਜ਼ਾਦਿਆਂ ਨੂੰ ਸਰਹੰਦ ਵਿਖੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਸਾਹਿਬ ਸਰਸਾ ਨਦੀ ਤੋਂ ਬਾਅਦ 31 ਕਿਲੋਮੀਟਰ ਦਾ ਸਫ਼ਰ ਤਹਿ ਕਰ ਕੇ ਚਮਕੌਰ ਸਾਹਿਬ ਪਹੁੰਚੇ ਤੇ ਚਮਕੌਰ ਸਾਹਿਬ ਦੀ ਇੱਕ ਕੱਚੀ ਗੜ੍ਹੀ ਵਿੱਚ ਆਸਰਾ ਲਿਆ। ਇਸ ਅਸਥਾਨ ’ਤੇ ਗੁਰੂ ਸਾਹਿਬ ਦੇ ਦੋਵੇਂ ਵੱਡੇ ਸਾਹਿਬਜ਼ਾਦੇ – ਸਾਹਿਬਜ਼ਾਦਾ ਜੁਝਾਰ ਸਿੰਘ ਜੀ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਜਿਨ੍ਹਾਂ ਦੀ ਉਮਰ ਕ੍ਰਮਵਾਰ 14 ਸਾਲ ਤੇ 17 ਸਾਲ ਸੀ, ਤੇ ਉਨ੍ਹਾਂ ਦੀ ਸੈਨਾ ਦੇ ਬਹੁਤ ਸਾਰੇ ਲੜਾਕੂ ਸ਼ਹੀਦੀ ਪਾ ਗਏ। ਜਦੋਂ ਉੱਥੇ ਸਿਰਫ਼ ਗੁਰੂ ਸਾਹਿਬ ਤੇ ਪੰਜ ਸਿੱਖ ਬਚੇ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਪੰਜ ਪਿਆਰਿਆਂ ਦੇ ਰੂਪ ਵਿੱਚ ਆਦੇਸ਼ ਦਿੱਤੇ ਕਿ ਉਹ ਉਥੋਂ ਨਿਕਲ ਜਾਣ ਤਾਂ ਕਿ ਉਹ ਸਿੱਖ ਧਰਮ ਨੂੰ ਹੋਰ ਪਕੇਰੀਆਂ ਲੀਹਾਂ ਤੇ ਪਾ ਸਕਣ। ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਗੁਰੂ ਸਾਹਿਬ ਚਮਕੌਰ ਸਾਹਿਬ ਤੋਂ ਪੈਦਲ ਤੁਰਦੇ ਹੋਏ 30 ਕੁ ਕਿਲੋਮੀਟਰ ਦਾ ਸਫ਼ਰ ਤਹਿ ਕਰ ਕੇ ਮਾਛੀਵਾੜਾ ਸਾਹਿਬ ਪਹੁੰਚੇ ਤੇ ਫਿਰ 70-75 ਕਿਲੋਮੀਟਰ ਦਾ ਸਫ਼ਰ ਤਹਿ ਕਰ ਕੇ ਰਾਏਕੋਟ ਵਗੈਰਾ ਤੋਂ ਲੰਘਦੇ ਹੋਏ ਮੁਕਤਸਰ ਸਾਹਿਬ ਪਹੁੰਚੇ। ਉੱਥੇ ਫਿਰ ਮੁਗ਼ਲਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਜਿਸ ਵਿੱਚ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ। ਇਸ ਤੋਂ ਬਾਅਦ ਉਹ ਦੀਨਾ, ਜ਼ਿਲ੍ਹਾ ਬਠਿੰਡਾ, ਪੰਜਾਬ ਵਿਖੇ ਪਹੁੰਚੇ ਤੇ ਇਹ ਜ਼ਫ਼ਰਨਾਮਾ ਲਿਖਿਆ। ਇਸ ਵਿੱਚ ਉਨ੍ਹਾਂ ਨੇ ਔਰੰਗਜ਼ੇਬ ਨੂੰ ਪਵਿੱਤਰ ਕੁਰਾਨ ਦੀ ਝੂਠੀ ਕਸਮ ਖਾਣ ’ਤੇ ਤਾੜਨਾ ਕੀਤੀ ਕਿ ਉਸ ਨੇ ਕਸਮ ਖਾਧੀ ਸੀ ਕਿ ਜੇ ਉਹ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਦੇਣ ਤਾਂ ਉਨ੍ਹਾਂ ਨੂੰ ਕੁੱਝ ਨਹੀਂ ਕਿਹਾ ਜਾਵੇਗਾ। ਹੁਣ ਜੇ ਉਹ ਪਵਿੱਤਰ ਕੁਰਾਨ ਦੀ ਸੌ ਵਾਰੀ ਕਸਮ ਖਾ ਕੇ ਵੀ ਕੁੱਝ ਕਹੇ ਤਾਂ ਉਹ ਉਸ ਉੱਤੇ ਇਤਬਾਰ ਨਹੀਂ ਕਰਨਗੇ।
ਇਸ ਪੱਤਰ ਵਿੱਚ ਸਭ ਤੋਂ ਪਹਿਲਾਂ ਗੁਰੂ ਸਾਹਿਬ ਪ੍ਰਭੂ ਦੇ ਤਰਸਵਾਨ ਹੋਣ ਦਾ ਤੇ ਸੱਚ ’ਤੇ ਖੜ੍ਹੇ ਰਹਿਣ ਦਾ ਧੰਨਵਾਦ ਕਰਦੇ ਹਨ।
ਜ਼ਫ਼ਰਨਾਮੇ ਵਿੱਚ ਗੁਰੂ ਸਾਹਿਬ ਨੇ ਉਸ ਦੀ ਪਵਿੱਤਰ ਕੁਰਾਨ ਤੇ ਖਾਧੀ ਕਸਮ ਤੋੜਨ ਨੂੰ ਤੇ ਉਸ ਦੇ ਵਿਸ਼ਵਾਸ ਤੋੜਨ ਨੂੰ ਵੰਗਾਰਿਆ ਹੈ। ਉਨ੍ਹਾਂ ਨੇ ਉਸ ਨੂੰ ਬੇਵਿਸ਼ਵਾਸੀ ਦੇ ਨਾਲ ਨਾਲ ਉਸ ਦੀ ਲੜਾਈ ਵਿੱਚ ਨੈਤਿਕਤਾ ਤੋਂ ਗਿਰਾਵਟ, ਧੋਖੇਬਾਜ਼ ਹੋਣ ਅਤੇ ਉਸ ਦੇ ਛਲ ਲਈ ਵੀ ਵੰਗਾਰਿਆ ਹੈ।
ਗੁਰੂ ਸਾਹਿਬ ਨੇ ਬਿਆਨ ਕੀਤਾ ਹੈ ਕਿ ਚਮਕੌਰ ਸਾਹਿਬ ਵਿਖੇ ਉਨ੍ਹਾਂ ਦੀ ਮੁੱਠੀ-ਭਰ ਸੈਨਾ ਨੇ ਬਹਾਦਰੀ ਨਾਲ ਹਜ਼ਾਰਾਂ ਦੀ ਗਿਣਤੀ ਦੇ ਮੁਗ਼ਲਾਂ ਦੀ ਸ਼ਾਹੀ ਫੌਜ ਦਾ ਮੁਕਾਬਲਾ ਕੀਤਾ ਜੋ ਕਿ ਸਿੱਖਾਂ ਦੇ ਬਹਾਦਰ ਹੋਣ ਦੇ ਨਾਲ ਨਾਲ ਉਨ੍ਹਾਂ ਦੀ ਨੈਤਿਕ ਜਿੱਤ ਦੀ ਪ੍ਰਾਪਤੀ ਸੀ।
ਜ਼ਫ਼ਰਨਾਮੇ ਦਾ ਮੁੱਖ ਸੰਦੇਸ਼ ਹੈ ਕਿ ਜੇ ਸ਼ਾਂਤੀ ਨਾਲ ਕਿਸੇ ਨਾਲ ਨਾ ਸਿੱਝਿਆ ਜਾ ਸਕੇ ਤਾਂ ਹਥਿਆਰ ਚੁੱਕਣੇ ਨੈਤਿਕਤਾ ਦੇ ਅਨੁਕੂਲ ਹੁੰਦੇ ਹਨ। ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਦੀਨਾ ਵਿਖੇ ਆ ਕੇ ਉਨ੍ਹਾਂ ਨੂੰ ਮਿਲਣ ਲਈ ਕਿਹਾ। ਉਨ੍ਹਾਂ ਨੇ ਉਸ ਨੂੰ ਖਾਲਸੇ ਦਾ ਰੱਬੀ ਇਨਸਾਫ ਵਿੱਚ ਵਿਸ਼ਵਾਸ ਹੋਣ ਅਤੇ ਉਸ ਦੀ ਦ੍ਰਿੜ੍ਹ ਸ਼ਕਤੀ ਦਰਸਾ ਕੇ ਉਸ ਨੂੰ ਦੁਨੀਆਂ ਦੀਆਂ ਐਸ਼ ਇਸਰਤਾਂ ਤੇ ਤਾਜ ਪਾਉਣ ਨੂੰ ਵੰਗਾਰਿਆ ਹੈ।
5 ਜਨਵਰੀ, 1707 ਨੂੰ ਜਦੋਂ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਔਰੰਗਜ਼ੇਬ ਦੀ ਅਹਿਮਦਨਗਰ ਦੀ ਕਚਹਿਰੀ ਵਿੱਚ ਪਹੁੰਚੇ ਤਾਂ ਇਹ ਪੱਤਰ ਉੱਚੀ ਉੱਚੀ ਪੜ੍ਹ ਕੇ ਸੁਣਾਇਆ ਗਿਆ। ਉਥੇ ਮੌਜੂਦ ਸਾਰੇ ਅਹਿਲਕਾਰਾਂ ਵਿੱਚ ਸਨਾਟਾ ਛਾ ਗਿਆ। ਇਹ ਸਭ ਕੁੱਝ ਸੁਣ ਕੇ ਔਰੰਗਜ਼ੇਬ ਨੂੰ ਸਦਮਾ ਲੱਗਿਆ ਤੇ ਉਸ ਦੀ ਇਮਾਨਦਾਰੀ ਨੂੰ ਸੱਟ ਲੱਗੀ। ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਖਾਲਸੇ ਦੀ ਸਹਿਨਸ਼ੀਲਤਾ ਬਾਰੇ ਦੱਸਿਆ ਕਿ ਜੇ ਉਹ ਦੀਨਾ ਆਵੇ ਤਾਂ ਖਾਲਸਾ ਜੋ ਕਿ ਦੁਨਿਆਵੀ ਸੁੱਖਾਂ ਵੱਲ ਨਹੀਂ ਭੱਜਦਾ, ਉਸ ਨੂੰ ਕੁੱਝ ਨਹੀਂ ਕਹੇਗਾ ਕਿਉਂਕਿ ਇਲਾਕੇ ਦੇ ਸਾਰੇ ਸਿੱਖ ਉਨ੍ਹਾਂ ਦੇ ਹੁਕਮ ਅਧੀਨ ਹਨ।
ਜ਼ਫ਼ਰਨਾਮਾ ਸੁਣਨ ਤੋਂ ਇਕਦਮ ਬਾਅਦ ਔਰੰਗਜ਼ੇਬ ਨੇ ਲਾਹੌਰ ਦੇ ਉਪ-ਗਵਰਨਰ ਮੀਰ ਮੰਨੂੰ ਨੂੰ ਫ਼ਰਮਾਨ ਭੇਜ ਦਿੱਤਾ ਕਿ ਅੱਗੇ ਤੋਂ ਸਿੱਖਾਂ ’ਤੇ ਕੋਈ ਕਾਰਵਾਈ ਨਾ ਕੀਤੀ ਜਾਵੇ ਅਰਥਾਤ ਉਨ੍ਹਾਂ ਨੂੰ ਤੰਗ ਨਾ ਕੀਤਾ ਜਾਵੇ। ਉਸ ਨੇ ਆਪਣੇ ਦੋ ਦਰਬਾਰੀਆਂ ਹੱਥ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਨਾਲ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਪੱਤਰ ਦੇਣ ਲਈ ਕਿਹਾ ਕਿ ਉਹ ਆ ਕੇ ਉਸ ਨੂੰ ਮਿਲਣ।
ਔਰੰਗਜ਼ੇਬ ਦੀ ਇੱਕ ਤਾਂ ਉਮਰ ਵਡੇਰੀ ਸੀ, ਉਸ ਦੀ ਸਰੀਰਕ ਹਾਲਤ ਵੀ ਕਮਜ਼ੋਰ ਹੋ ਚੁੱਕੀ ਸੀ ਤੇ ਮਾਨਸਿਕ ਹਾਲਤ ਵੀ ਬਹੁਤੀ ਠੀਕ ਨਹੀਂ ਸੀ, ਉਸ ਨੂੰ ਡੂੰਘਾ ਪਛਤਾਵਾ ਹੋਇਆ। 20 ਫਰਵਰੀ, 1707 ਨੂੰ ਉਸ ਦੀ ਮੌਤ ਹੋ ਗਈ। ਆਪਣੀ ਮੌਤ ਤੋਂ ਇਕਦਮ ਪਹਿਲਾਂ ਉਸ ਨੇ ਆਪਣੇ ਦੋ ਪੁੱਤਰਾਂ ਮੁਹੰਮਦ ਆਜ਼ਮ ਸ਼ਾਹ ਅਤੇ ਕਾਮ ਬਖ਼ਸ਼ ਨੂੰ ਪੱਤਰ ਲਿਖੇ ਕਿ, “ਮੈਂ ਇੱਕ ਅਜਨਬੀ ਦੇ ਤੌਰ ’ਤੇ ਆਇਆ ਸੀ, ਇੱਕ ਅਜਨਬੀ ਦੇ ਤੌਰ ’ਤੇ ਜਾ ਰਿਹਾ ਹਾਂ। ਮੈਨੂੰ ਨਹੀਂ ਪਤਾ ਮੈਂ ਕੌਣ ਹਾਂ ਤੇ ਮੈਂ ਕੀ ਕਰਦਾ ਰਿਹਾ ਹਾਂ। ਮੈਂ ਕਿੱਥੇ ਜਾਵਾਂਗਾ। ਇਸ ਪਾਪੀ ਨਾਲ ਕੀ ਵਾਪਰੇਗਾ। ਮੈਂ ਪਾਪੀ ਹਾਂ ਬਹੁਤ ਪਾਪ ਕੀਤੇ ਹਨ। ਆਪਣੇ ਕੀਤੇ ਪਾਪਾਂ ਦਾ ਹਿਸਾਬ ਦੇਣਾ ਮੇਰੇ ਲਈ ਬਹੁਤ ਖੌਫ਼ਨਾਕ ਹੈ। ਮੇਰੀ ਕੀਮਤੀ ਜ਼ਿੰਦਗੀ ਬੇਅਰਥ ਹੀ ਨਿਕਲ ਗਈ। ਅਲਵਿਦਾ! ਅਲਵਿਦਾ! ਅਜਵਿਦਾ!”
ਦੂਜੇ ਪਾਸੇ ਉਸ ਦੀਆਂ ਫ਼ੌਜਾਂ ਨੂੰ ਕੁਮਕ ਭੇਜਣ ਵਿੱਚ ਰੁਕਾਵਟਾਂ ਪੈਦਾ ਕਰ ਕੇ ਸ਼ਿਵਾ ਜੀ (1630-1680) ਦੀ ਨੂੰਹ ਤਾਰਾਬਾਈ ਲੜਾਈ ਦੀ ਛਾਪੇਮਾਰੀ ਤਕਨੀਕ ਨਾਲ ਉਸ ਨੂੰ ਸਤਾ ਰਹੀ ਸੀ। ਇਹ ਵੀ ਇੱਕ ਵਿਅੰਗਪੂਰਣ ਗੱਲ ਹੈ ਕਿ ਔਰੰਗਜ਼ੇਬ ਸਾਰੀ ਜ਼ਿੰਦਗੀ ਔਰਤ ਨੂੰ ਪੜ੍ਹਦੇ ਵਿੱਚ ਰਹਿਣ ਦਾ ਉਪਦੇਸ਼ ਦਿੰਦਾ ਰਿਹਾ ਪਰ ਸ਼ਿਵਾ ਜੀ ਦੀ ਨੂੰਹ ਤਾਰਾਬਾਈ ਜੋ ਕਿ 1700 ਈ: ਵਿੱਚ ਆਪਣੇ ਨਬਾਲਗ ਪੁੱਤਰ ਦੀ ਸ਼ਾਹੀ ਪ੍ਰਤਿਨਿਧ ਹੋਣ ਦੇ ਨਾਤੇ ਮਰਾਠਿਆਂ ਦੀ ਆਗੂ ਬਣੀ ਤੇ ਮੁਗ਼ਲਾਂ ਦੇ ਖਿਲਾਫ਼ ਲੜੀ। ਲੜਾਈ ਦੀ ਛਾਪੇਮਾਰੀ ਤਕਨੀਕ ਨਾਲ ਉਸ ਨੇ ਮੁਗ਼ਲਾਂ ਦੀ ਸੈਨਾ ਨੂੰ ਇੰਨਾ ਤੰਗ ਕੀਤਾ ਕਿ ਉਸ ਨੂੰ ਔਰੰਗਜ਼ੇਬ ਦੀ ਮੌਤ ਦੇ ਕਾਰਨਾ ਵਿੱਚ ਗਿਣਿਆ ਜਾਂਦਾ ਹੈ।
ਸਦਮੇ, ਪਛਤਾਵੇ ਤੇ ਸਰੀਰਕ ਕਮਜ਼ੋਰੀ ਕਾਰਣ ਫਰਵਰੀ 20, 1707 ਨੂੰ ਔਰੰਗਜ਼ੇਬ ਦੀ ਮੌਤ ਹੋ ਗਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਨੂੰ ਨਾ ਮਿਲ ਸਕੇ।
ਜ਼ਫ਼ਰਨਾਮਹ
ਜ਼ਫ਼ਰਨਾਮਹ ਦੇ ਅਰਥ ਹਨ ਜਿੱਤ ਦੀ ਚਿੱਠੀ, ਜੋ ਗੁਰੂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ 1705 ਈ: ਵਿੱਚ ਦੀਨਾ, ਜ਼ਿਲ੍ਹਾਂ ਬਠਿੰਡਾ ਲਿਖੀ ਸੀ । ਜ਼ਫ਼ਰਨਾਮਹ ਵਿੱਚ ਕੁਲ ਬਾਰਾਂ ਹਿਕਾਯਤਾਂ ਮਿਲਦੀਆਂ ਹਨ ।
ਪਹਿਲੀ ਹਿਕਾਯਤ
ੴਹੁਕਮ ਸੱਤਿ
ਸ੍ਰੀ ਵਾਹਿਗੁਰੂ ਜੀ ਕੀ ਫ਼ਤਹ ॥
ਸ੍ਰੀ ਮੁਖਵਾਕ ਪਾਤਿਸ਼ਾਹੀ ੧੦॥
ਮੰਗਲਾ ਚਰਨ
ਕਾਮਲ, ਕਾਇਮ, ਦਾਇਮ ਦਾਤਾ, ਕਰਾਮਾਤ ਭੰਡਾਰਾ ।
ਖ਼ੁਸ਼ੀਆਂ, ਰਿਜ਼ਕ ਤੇ ਮੁਕਤੀ ਦੇਵੇ, ਜਗ ਨੂੰ ਸਿਰਜਨਹਾਰਾ ।
ਸ਼ਾਂਤੀ ਦਾਤਾ ਦਯਾ ਪੁੰਜ ਹੈ, ਹਰ ਇਕ ਦੀ ਬਾਂਹ ਫੜਦਾ ।
ਰੋਜ਼ੀ ਹੁਕਮ ਦੇਣ ਜਦ ਲਗਦਾ, ਵਿਤਕਰਾ ਮੂਲ ਨਾ ਕਰਦਾ ।
ਸ਼ਾਹਨਸ਼ਾਹ, ਗੁਣ ਦਾਤਾ ਦਯਾਲੂ ਧਰਮ ਦਾ ਰਾਹ ਵਿਖਾਵੇ ।
ਤੇ ਖ਼ੁਦ ਰੰਗਾਂ, ਚਿਹਨ ਚੱਕਰਾਂ ਦੇ ਵਿਚ ਕਦੇ ਨਾ ਆਵੇ ।
ਸ਼ਾਜ਼ ਵਾਜ਼ ਤੇ ਫੌਜ ਫ਼ਰਸ਼ ਤੋਂ ਰਹਿ ਕੇ ਸਦਾ ਉਚੇਰਾ ।
ਸਵਰਗੀ ਸੁਖ ਦੇਵੇ ਬੰਦੇ ਨੂੰ, ਸਜਨ ਸੁਹੇਲਾ ਮੇਰਾ ।
ਜ਼ੋਰਾਵਰ ਦੁਨੀਆਂ ਤੋਂ ਨਿਆਰਾ, ਸਦਾ ਹਜ਼ੂਰ ਪਿਆਰਾ ।
ਖੁਲ੍ਹੀਆਂ ਦਾਤਾਂ ਦੇ ਦੇ ਵਿਗਸੇ, ਕਰਕੇ ਐਡ ਪਸਾਰਾ ।
ਸਦਾ ਪਵਿਤਰ ਤੇ ਪਰੀ ਪੂਰਨ, ਜਗ ਦਾ ਪਾਲਣ ਹਾਰਾ ।
ਮਹਾਂ ਦਿਆਲੂ ਸਭ ਵਿੱਚ ਵੱਸ ਕੇ, ਫਿਰ ਭੀ ਰਹੇ ਨਿਆਰਾ ।
ਖੰਡਾਂ ਬ੍ਰਹਿਮੰਡਾਂ ਦਾ ਮਾਲਿਕ, ਵੱਡਾ ਵੱਡਿਆਂ ਨਾਲੋਂ ।
ਸੋਹਣਾ, ਬਖ਼ਸ਼ਿਸ਼ ਦਾ ਭੰਡਾਰਾ, ਪਰੇ ਅਸਾਡੇ ਖ਼ਿਆਲੋਂ ।
ਵਡ ਦਾਨਾ, ਪ੍ਰਿਤ ਪਾਲਿਕ ਸਭ ਦਾ, ਗ਼ਰੀਬ ਨਿਵਾਜ਼ ਸੁਜਾਨਾ ।
ਰੰਕਾਂ ਨੂੰ ਪੂਜੇ, ਸਖ਼ਤਿਆਂ ਨੂੰ, ਸੋਧੇ ਬਣ ਮਰਦਾਨਾ ।
ਧਰਮ ਪਾਲ, ਸੋਭਾ ਦਾ ਸੋਮਾ, ਕਰਦਾ ਸਦਾ ਉਜਾਲਾ ।
ਅਸਲੀਅਤ ਨੂੰ ਜਾਨਣ ਵਾਲਾ, ਨਬੀ ਕਿਤਾਬਾਂ ਵਾਲਾ ।
ਦਾਨਾਈ ਨੂੰ ਲੱਭਣ ਵਾਲਾ, ਅਕਲ ਸ਼ਊਰਾਂ ਵਾਲਾ ।
ਪ੍ਰਗਟ ਹੋ ਕੇ ਸਚ ਸਿਆਣੇ, ਉਹ ਅਵਧੂਤ ਨਿਰਾਲਾ ।
ਬ੍ਰਹਿਮੰਡਾਂ ਦਾ ਇਲਮ ਓਸ ਨੂੰ ਹੈ ਕਰਨੀ ਦਾ ਪੂਰਾ ।
ਸਾਰੇ ਜੱਗ ਦੀ ਕਾਰ ਕਰ ਰਿਹਾ, ਕਿਸੇ ਨਾ ਗੱਲੋਂ ਊਰਾ ।
ਸਭ ਤੋਂ ਵੱਡਾ, ਸਭ ਨੂੰ ਪਾਲੇ, ਸਭ ਲਈ ਰਿਜ਼ਕ ਪੁਚਾਵੇ ।
ਐਡਾ ਆਲਿਮ ਕਿ ਹਰ ਦਿਲ ਦੀ ਥਾਹ ਅੰਤਲੀ ਪਾਵੇ ।
ੴਸ੍ਰੀ ਵਾਹਿਗੁਰੂ ਜੀ ਕੀ ਫ਼ਤਹ ॥
ਦਾਸਤਾਨ ॥ ਹਿਕਾਯਤ ਪਹਿਲੀ ॥
ਏਸ ਕਸਮ ਦਾ ਰਤੀ ਵੀ ਮੈਨੂੰ ਨਾ ਇਤਬਾਰ ।
ਸਾਖੀ ਮੇਰੀ ਗੱਲ ਦਾ ਇਕ ਸੱਚਾ ਕਰਤਾਰ ।
ਮੇਰੇ ਬੇਇਤਬਾਰ ਦਾ ਕਾਰਨ ਇਹ ਸਰਕਾਰ ।
ਕਿਉਂਕਿ ਝੂਠਾ ਤੁਸਾਂ ਦਾ ਹੈ ਸਾਰਾ ਦਰਬਾਰ ।
ਜਿਸ ਨੇ ਕਸਮ ਕੁਰਾਨ ਤੇ ਹੈ ਕੀਤਾ ਇਤਬਾਰ ।
ਆਖ਼ਿਰ ਹੁੰਦਾ ਵੇਖਿਆ, ਮੈਂ ਉਸੇ ਨੂੰ ਖ਼ੁਆਰ ।
ਪਰ ਜਿਸ ਮਰਦ ਹੁਮਾ ਦੀ ਹੈ ਮਾਣੀ ਪਲ ਛਾਉਂ ।
ਕਦ ਪੰਜਾ ਪਾ ਸਕਦਾ ਉਸ ਨੂੰ ਕਾਲਾ ਕਾਉਂ ।
ਜਿਹੜਾ ਸ਼ੇਰ ਦਲੇਰ ਦੀ ਲੈਂਦਾ ਆਣ ਪਨਾਹ ।
ਉਸ ਨੂੰ ਹੁੰਦੀ ਹੈ ਕਦੋਂ ਇਜੜਾਂ ਦੀ ਪਰਵਾਹ ।
ਜੇ ਮੈਂ ਲੁਕ ਵੀ ਦੇਂਵਦਾ ਜ਼ਾਮਨ ਪਾਕ ਕਲਾਮ ।
ਏਥੇ ਸੁਮ ਵੀ ਧਰਨ ਦਾ ਫੌਜ ਨਾ ਲੈਂਦੀ ਨਾਮ ।
ਭੁਖੇ ਚਾਲੀ ਆਦਮੀ ਕੀ ਦਿਖਲਾਂਦੇ ਤਾਣ ।
ਜਦ ਬਿਨ ਦੱਸੇ ਉਨ੍ਹਾਂ ਤੇ ਦਸ ਲਖ ਚੜ੍ਹੇ ਜਵਾਨ ।
ਸਹੁੰ ਤੋੜੀ, ਹਥਿਆਰ ਲੈ ਕੁੱਦੇ ਵਿੱਚ ਮਦਾਨ ।
ਹੱਥੀਂ ਤੇਗ਼ਾਂ ਸੂਤੀਆਂ, ਗੋਲੀਆਂ ਤੀਰ ਵਸਾਣ ।
ਹੋ ਕੇ ਅਤਿ ਲਾਚਾਰ ਮੈਂ ਜੰਗੀ ਸਾਜ ਸਜਾਇ ।
ਉਡਣੇ ਰੱਤ ਵਿੱਚ ਡੁਬਣੇ ਧਨੁਖੇ ਲਏ ਚੜ੍ਹਾਇ ।
ਜਦ ਹੀਲੇ ਇਨਸਾਫ਼ ਲਈ ਸਭੇ ਹੀ ਮੁੱਕ ਜਾਣ ।
ਤਦੋਂ ਹਲਾਲ ਏ ਤੇਗ਼ ਦਾ ਦੇਣਾ ਤੋੜ ਮਿਆਨ ।
ਕੀ ਫਿਰ ਕਸਮ ਕੁਰਾਨ ਤੇ ਮੈਂ ਕਰਦਾ ਇਤਬਾਰ ।
ਤੇ ਮੇਰੇ ਲਈ ਰਹਿ ਗਿਆ ਹੈਸੀ ਹੋਰ ਵਿਹਾਰ ।
ਪਤਾ ਨਾ ਲੂੰਬੜ-ਘੁਤੀਆਂ ਕਰਦਾ ਸ਼ਾਹ ਔਰੰਗ ।
ਜਾਣਦਾ ਤੇ ਤਦ ਬਦਲਦਾ, ਮੈਂ ਵੀ ਆਪਣਾ ਢੰਗ ।
ਸੁਣਿਆ ਕਸਮ ਕੁਰਾਨ ਦੀ ਜੋ ਵੀ ਲੈਂਦਾ ਖਾ ।
ਬੰਨ੍ਹਣਾ ਕੋਹਣਾ ਮਾਰਨਾ ਉਸ ਨੂੰ ਨਹੀਂ ਰਵਾ ।
ਮੱਖੀਆਂ ਵਾਂਗੂੰ ਕਾਲੀਆਂ ਗਲੀਂ ਵਰਦੀਆਂ ਪਾ ।
ਫੌਜਾਂ ਸ਼ਾਹੀ ਆਈਆਂ ਰਣ ਵਿੱਚ ਧੂੜ ਧੁਮਾ ।
ਜੇ ਕੋਈ ਛੱਡ ਫਸੀਲ ਨੂੰ ਨਿਕਲ ਆਇਆ ਬਾਹਰ ।
ਉਹੋ ਤੀਰ ਪਰੁਚ ਕੇ ਡਿੱਗਾ ਹੋ ਲਾਚਾਰ ।
ਪਰ ਜਿਸ ਕੱਢੀ ਸਿਰੀ ਨਾ ਛੱਡ ਕੇ ਉਹ ਦੀਵਾਰ ।
ਨਾ ਉਸ ਖਾਧਾ ਤੀਰ ਹੀ, ਤੇ ਨਾ ਹੋਇਆ ਖ਼ੁਆਰ ।
ਜਦ ਮੈਂ ਜੰਗ ਵਿੱਚ ਆਉਂਦਾ ਤਕਿਆ ਨਾਹਰ ਖ਼ਾਨ ।
ਉਡਿਆ ਮੇਰਾ ਤੀਰ ਤਦ ਉਸ ਦੇ ਲੈਣ ਪ੍ਰਾਣ ।
ਪਰ ਬੁਜ਼ਦਿਲਾਂ ਪਰੇ ਹੋ ਝਟ ਬਚਾ ਲਈ ਜਾਨ ।
ਗੱਪੀ ਜਾਪੇ ਓਸ ਦੇ ਸਾਥੀ ਕੁਲ ਪਠਾਣ ।
ਫਿਰ ਇਕ ਹੋਰ ਅਫ਼ਗਾਨ ਨੇ ਆ ਦਿਤੀ ਲਲਕਾਰ ।
ਸ਼ੂਕੀ ਵਾਂਗ ਤੂਫ਼ਾਨ ਦੇ ਤੀਰਾਂ ਦੀ ਬੁਛਾੜ ।
ਹੱਲੇ ਕਰ ਕਰ ਕੇ ਵਧੇ ਉਹ ਮਰਦਾਨਾ ਵਾਰ ।
ਹੋਸ਼ ਸਿਆਣਪ ਜੋਸ਼ ਦਾ ਨਾ ਕੋਈ ਹੱਦ ਸ਼ੁਮਾਰ ।
ਹੱਲੇ ਵੀ ਅਣਗਿਣਤ ਸਨ, ਘਾਓ ਵੀ ਸਨ ਢੇਰ ।
ਓਸ ਜੰਗ ਵਿੱਚ ਜੂਝ ਗਏ ਦੋ ਅਣਖੀਲੇ ਸ਼ੇਰ ।
ਕਰਕੇ ਉਹਲਾ ਕੰਧ ਦਾ ਜੇ ਖ਼ਾਜਾ ਮੁਰਦਾਰ ।
ਲੁਕਦਾ ਨਾ ਤੇ ਆਉਂਦਾ ਪਿੜ ਮਰਦਾਨਾ ਵਾਰ ।
ਤਦ ਫਿਰ ਮੈਂ ਵੀ ਬਖ਼ਸ਼ਦਾ ਉਸ ਨੂੰ ਐਸਾ ਤੀਰ ।
ਜਿਹੜਾ ਉਸ ਦੇ ਟੁਕੜੇ ਪਲ ਵਿਚ ਜਾਂਦਾ ਚੀਰ ।
ਹੋਣ ਕਮਾਨਾਂ ਦੋਹਰੀਆਂ ਪਏ ਸ਼ੁੰਕਾਰਨ ਤੀਰ ।
ਜੂਝਣ ਡਿਗਣ ਧਰਤ ਤੇ ਤੜਫ ਦੁਵੱਲੋਂ ਬੀਰ ।
ਬਾਣਾਂ ਦੀ ਬਰਖਾ ਵਹੇ, ਤੋੜਨ ਗੋਲੀਆਂ ਹੱਡ ।
ਰਹੇ ਨੇ ਬਿਦ ਬਿਦ ਸੂਰਮੇ ਇਕ ਦੂਜੇ ਨੂੰ ਵੱਢ ।
ਸਿਰ, ਧੜ, ਕਟੇ ਅੰਗ ਪਏ ਉਸਰੇ ਚਾਰ ਚੁਫੇਰ ।
ਖਿਦੋ ਖੂਡੀਆਂ ਦਾ ਜਿਵੇਂ ਰਣ ਵਿੱਚ ਲੱਗਾ ਢੇਰ ।
ਸਰ ਸਰ ਤੀਰ ਤੜਾਕ ਰਹੇ, ਕੜਕੜ ਕਰਨ ਕਮਾਨ ।
ਜਿਸ ਨੂੰ ਤਕ ਕੇ ਕਰ ਰਿਹਾ, ਹਾਹਾ ਕਾਰ ਜਹਾਨ ।
ਮਹਾਂ ਪ੍ਰਲੋ ਦੇ ਵਾਂਗ ਕੁਈ ਮੱਚੀ ਸ਼ੋਰ ਸ਼ਰਾਰ ।
ਜਿਸ ਨੇ ਦਿਤੀ ਯੋਧਿਆਂ ਦੀ ਕੁਲ ਹੋਸ਼ ਵਿਸਾਰ ।
ਦੱਸ ਵਿਖਾਂਦੇ ਕੀ ਭਲਾ ਉਹ ਸਿੰਘ ਆਪਣਾ ਤਾਣ ।
ਜਦ ਕਿ ਚਾਲੀਆਂ ਤੇ ਚੜ੍ਹੇ ਲਖਾਂ ਮੁਗਲ ਪਠਾਣ ।
ਸੂਰਜ ਬੁਰਕਾ ਪਹਿਨਿਆ ਜਾ ਅਸਤਾਚਲ ਵਲ
ਜਲਵੇ ਸੁਟਦੀ ਰਾਤ ਨੇ ਲਿਆ ਸਿੰਘਾਸਨ ਮੱਲ ।
ਮੈਂ ਸੁਣਿਆ ਜੋ ਖਾ ਲਵੇ ਮੁੱਖੋਂ ਕਸਮ ਕੁਰਾਨ ।
ਉਸ ਦਾ ਆਗੂ ਖ਼ੁਦ ਬਣੇ ਉਹ ਸੱਚਾ ਰਹਿਮਾਨ ।
ਵਿੰਗਾ ਵਾਲ ਨਾ ਹੋਇਆ, ਜਿਸਮ ਨਾ ਮੰਨੀ ਹਾਰ ।
ਭਾਜੜ ਪੈ ਗਈ ਆਪ ਹੀ ਲਸ਼ਕਰ ਦੇ ਵਿਚਕਾਰ ।
ਮੈਨੂੰ ਪਤਾ ਨਾ ਮਰਦ ਇਹ ਸਹੁੰ ਖਾ ਕੇ ਫਿਰ ਜਾਇ ।
ਮਾਇਆ ਪਿਛੇ ਧਰਮ ਨੂੰ ਦੇਣੋਂ ਨਾ ਸ਼ਰਮਾਇ ।
ਪਰ ਐਸੇ ਬੇਦੀਨ ਨੂੰ, ਹਰ ਥਾਂ ਧੱਕੇ ਪੈਣ ।
ਰੱਬ ਤੇ ਨਬੀ ਨਾ ਭੁਲ ਵੀ ਨੇੜੇ ਢੁਕਣ ਦੇਣ ।
ਜੋ ਪ੍ਰੇਮੀ ਹੈ ਧਰਮ ਦਾ, ਤੇ ਪ੍ਰਣ ਤੋੜ ਨਿਭਾਇ ।
ਉਹ ਨਾ ਹਾਰੇ ਸਿਦਕ ਤੋਂ, ਸਿਰ ਜਾਇ ਤਾਂ ਜਾਇ ।
ਮੈਂ ਖਾ ਕੇ ਸਹੁੰ ਰੱਬ ਦੀ, ਸਾਖੀ ਤੇ ਕੁਰਆਨ ।
ਆਖਾਂ ਕਿ ਇਹ ਮਰਦ ਹੈ, ਪੱਕਾ ਬੇਈਮਾਨ ।
ਚਾਹੇ ਹੁਣ ਕੁਰਾਨ ਦੀ ਮੁੜ ਮੁੜ ਕਸਮ ਉਠਾਇ ।
ਮੈਨੂੰ ਮਾਸਾ ਏਸ ਤੇ, ਕਦੇ ਯਕੀਨ ਨਾ ਆਇ ।
ਜੇ ਤੈਨੂੰ ਆ ਜਾਂਵਦਾ, ਮੇਰੇ ਤੇ ਇਤਬਾਰ ।
ਤਾਂ ਤੂੰ ਮਿਲਦੋਂ ਆਣ ਕੇ, ਹੋ ਕੇ ਸਿਰ ਦੇ ਭਾਰ ।
ਕੀਤੀ ਓਸ ਜ਼ਬਾਨ ਦਾ ਹੈ ਤੈਂ ਉਤੇ ਭਾਰ ।
ਜੇ ਤੂੰ ਸੱਚਾ ਹੈਂ ਰਤੀ ਕਰ ਪੂਰਾ ਇਕਰਾਰ ।
ਜੇਕਰ ਤੇਰੇ ਸਾਹਮਣੇ ਹਜ਼ਰਤ ਜੀ ਅੱਜ ਹੋਣ ।
ਤਦ ਤੇਰੀ ਇਹ ਨੀਚਤਾ ਕਦੇ ਨਾਹੀਂ ਲਕੋਣ ।
ਤੇਰਾ ਹੁਣ ਵੀ ਫ਼ਰਜ਼ ਹੈ, ਕਰਕੇ ਸਾਫ਼ ਵਿਹਾਰ ।
ਆਪਣੇ ਕੀਤੇ ਪਾਪ ਨੂੰ, ਲੈ ਬਖ਼ਸ਼ਾ ਇਕ ਵਾਰ ।
ਲਿਖੇ ਜਾਂ ਕੀਤੇ ਕੌਲ ਨੂੰ, ਮਰਦ ਨਿਬਾਹੁੰਦੇ ਤੋੜ ।
ਫੜ ਕੇ ਬਾਂਹ ਅਨਾਥ ਦੀ, ਕਦੇ ਨਾ ਦੇਂਦੇ ਛੋੜ ।
ਮਰਦ ਉਹੀ ਪ੍ਰਣ-ਪਾਲ ਜੋ, ਪਰ ਉਹ ਪੱਕਾ ਚੋਰ ।
ਮੂੰਹ ਤੇ ਹੋਰ ਤੇ ਦਿਲ ਵਿਚ ਰਖੇ ਹਾਲ ਕੁਈ ਹੋਰ ।
ਮੈਂ ਹਾਂ ਉਹ ਕੁਝ ਕਹਿ ਰਿਹਾ, ਜੋ ਕੁਝ ਕਿਹਾ ਰਸੂਲ ।
ਜੇ ਇਹ ਸੱਚ ਤਾਂ ਬਾਦਸ਼ਾਹ ਨਿਉਤਾ ਕਰੇ ਕਬੂਲ ।
ਤੈਨੂੰ ਕਸਮ ਕੁਰਾਨ ਤੇ ਜੇਕਰ ਹੈ ਇਤਬਾਰ ।
ਤਾਂ ਫਿਰ ਉਸੇ ਦਾ ਅਸੀਂ ਦੇਂਦੇ ਹਾਂ ਇਕਰਾਰ ।
ਕਾਂਗੜ ਕਸਬੇ ਵਿਚ ਸ਼ਾਹ ਲੈ ਆਵੇ ਤਸ਼ਰੀਫ ।
ਆਪੋ ਦੇ ਵਿਚ ਮਿਲਣਗੇ, ਓਥੇ ਮਰਦ ਸ਼ਰੀਫ ।
ਜ਼ਰਾ ਨਾ ਖ਼ਤਰਾ ਵਾਪਰੂ ਏਥੇ ਐ ਸਰਕਾਰ ।
ਕਿਉਂਕਿ ਮੇਰੇ ਹੁਕਮ ਵਿਚ ਸਾਰੀ ਕੌਮ ਬਰਾੜ ।
ਆ ਹੋ ਕੇ ਮੂੰਹ ਰੂਬਰੂ ਆਪਾਂ ਕਰੀਏ ਗੱਲ ।
ਵੇਖ ਕਿ ਕਿਰਪਾ ਅਸਾਂ ਦੀ ਕੀ ਕੁਝ ਦੇਂਦੀ ਫੱਲ ।
ਸਾਜਾਂ ਨਾਲ ਮਹੇਲਿਆ ਘੋੜਾ ਇਕ ਹਜ਼ਾਰ ।
ਲੈ ਕੇ ਤੈਨੂੰ ਮਿਲਾਂਗੇ ਡਾਢੇ ਨਾਲ ਪਿਆਰ ।
ਚਾਕਰ ਮੈਂ ਉਸ ਖਸਮ ਦਾ, ਜੋ ਸ਼ਾਹਾਂ ਦਾ ਸ਼ਾਹ ।
ਉਸ ਦੇ ਇਕ ਫ਼ਰਮਾਨ ਤੇ ਕਰੀਏ ਜਾਨ ਫ਼ਿਦਾ ।
ਸਚ ਮੁਚ ਪਾਵਾਂ ਓਸ ਦਾ ਜੇਕਰ ਮੈਂ ਫ਼ੁਰਮਾਨ ।
ਭੇਟਾ ਦੇ ਲਈ ਕਰ ਦਿਆਂ ਹਾਜ਼ਰ ਆਪਣੀ ਜਾਨ ।
ਜੇ ਕਰ ਰੱਬ ਨੂੰ ਮੰਨ ਕੇ ਹਈ ਰੁਸ਼ਨਾਇਆ ਦਿਲ ।
ਤਾਂ ਫਿਰ ਧੁੜਕੂ ਕੱਢ ਕੇ ਆ ਸਜਣਾਂ ਨੂੰ ਮਿਲ ।
ਜੇ ਤੂੰ ਕੀਤੀ ਰੱਬ ਦੀ ਮਾਸਾ ਦਿਲੋਂ ਪਛਾਣ ।
ਤਾਂ ਫਿਰ ਹੱਕ, ਬੇ ਹੱਕ ਨੂੰ ਵੀ ਲਿਆ ਹੋਸੀ ਜਾਣ ।
ਤੂੰ ਸਰਵਰ ਦੇ ਤਖ਼ਤ ਤੇ ਬਹਿ ਕੇ ਹੁਕਮ ਚਲਾਇੰ ।
ਪਰ ਜਿਹੜਾ ਏਂ ਕਰ ਰਿਹਾ, ਉਹ ਹੈ ਅਜਬ ਨਿਯਾਇੰ ।
ਅਚਰਜ ਦੀਨ ਇਨਸਾਫ਼ ਇਹ, ਅਚਰਜ ਉਸ ਦੀ ਮਿਹਰ ।
ਇਸ ਸਰਦਾਰੀ ਹੁਕਮ ਨੂੰ, ਹੈਫ਼ ਕਰਾਂ ਸੌ ਵੇਰ ।
ਅਚਰਜ ਫ਼ਤਵੇ ਬਾਜ਼ੀਆਂ ਨੇ ਕੀਤਾ ਹੈਰਾਨ ।
ਪਰ ਮੈਂ ਤਕ ਕੇ ਝੂਠ ਨੂੰ ਨਾ ਰੋਹੜਾਂ ਈਮਾਨ ।
ਖ਼ੂਨ ਨਾ ਡੋਲ੍ਹੀਂ ਕਿਸੇ ਦਾ ਲੈ ਤਿਖੀ ਤਲਵਾਰ ।
ਨਾ ਤਾਂ ਤੇਰੇ ਲਹੂ ਵਿਚ ਵੀ ਭਿਜੇਗੀ ਧਾਰ ।
ਮਾਣ ਅੰਦਰ ਭੁੱਲ ਰੱਬ ਨਾ, ਕਿਉਂਕਿ ਉਹ ਕਰਤਾਰ ।
ਕਦੇ ਸਫ਼ਾਰਸ਼ ਸੁਨਣ ਲਈ ਨਾ ਹੁੰਦਾ ਏ ਤਿਆਰ ।
ਉਹ ਨਿਰਭੈ ਨਿਰੰਕਾਰ ਹੈ, ਸ਼ਾਹਾਂ ਦੇ ਸਿਰ ਸ਼ਾਹ ।
ਧਰਤ, ਅਕਾਸ਼, ਪਾਤਾਲ ਤੇ ਰਹਿਆ ਹੁਕਮ ਚਲਾ ।
ਮਾਲਕ ਧਰਤ ਅਕਾਸ਼ ਦਾ ਇਕ ਸੱਚਾ ਕਰਤਾਰ ।
ਇਕੋ ਫੁਰਨੇ ਨਾਲ ਜਿਸ ਰਚ ਦਿੱਤਾ ਸੰਸਾਰ ।
ਕੀੜੀਓਂ ਹਾਥੀ ਤੀਕ ਉਹ ਸਭ ਦੀ ਲੈਂਦਾ ਸਾਰ ।
ਆਜਜ਼ਾਂ ਤਾਈਂ ਉਬਾਰਦਾ, ਗਾਫ਼ਲਾਂ ਦਏ ਵਿਸਾਰ ।
ਵੱਡਾ ਉਸ ਦਾ ਨਾਮ ਹੈ ਆਜਿਜ਼ ਗ਼ਰੀਬ ਨਿਵਾਜ਼ ।
ਰਹੇ ਸਫਾਰਸ਼ ਵੱਢੀ ਤੋਂ ਸਦਾ ਬੇ ਨਿਆਜ਼ ।
ਰੰਗਾਂ, ਚਿਹਨਾਂ ਚੱਕਰਾਂ ਦੇ ਵਿਚ ਕਦੇ ਨਾ ਆਏ ।
ਭੁਲਿਆਂ ਭਟਕਿਆਂ ਨੂੰ ਸਦਾ ਸਿੱਧੇ ਰਾਹੇ ਪਾਏ ।
ਖਾਧੀ ਕਸਮ ਕੁਰਾਨ ਦੀ ਤੂੰ ਜੋ ਉਸ ਨੂੰ ਪਾਲ ।
ਆਪਣੇ ਕੀਤੇ ਕੌਲ ਨੂੰ ਕਰਕੇ ਸੱਚ ਵਿਖਾਲ ।
ਤੈਨੂੰ ਚਾਹੀਦਾ ਸਦ ਲਵੇਂ ਦਾਨਿਸ਼ਮੰਦ ਕਹਾਇ ।
ਤਿਆਗੇਂ ਜ਼ੁਲਮ ਅਨਰਥ ਨੂੰ, ਲੋੜੇਂ ਸੱਚ ਨਿਆਇ ।
ਕੀ ਹੋਇਆ ਜੇ ਜੂਝ ਗਏ ਬਾਂਕੇ ਚਾਰੇ ਲਾਲ ।
ਜਦ ਕਿ ਕਾਲੇ ਨਾਗ ਦਾ ਓਹੋ ਨਵਾਂ ਜਲਾਲ ।
ਕੀ ਇਹ ਹਈ ਬਹਾਦਰੀ ਜੇ ਚੰਗਿਆੜ ਬੁਝਾਇ ।
ਭਾਂਬੜ ਅੰਬਰ ਚੁੰਮਦੇ, ਪਲ ਵਿਚ ਲਏ ਭੜਕਾਇ ।
'ਫਿਰਦੌਸੀ' ਮਹਾਂ ਕਵੀ ਨੇ ਬਿਲਕੁਲ ਕਹਿਆ ਸੱਚ ।
ਕਾਹਲ ਨਾਲ ਸ਼ਤਾਨ ਹੀ ਭੜ ਭੜ ਪੈਂਦਾ ਮੱਚ ।
ਮੈਂ ਓਸੇ ਦਰਗਾਹ ਤੋਂ ਆਇਆ ਸੱਚ ਸੁਣਾਂ ।
ਜਿਥੋਂ ਆਇਆ ਉਹ ਨਬੀ ਜੋ ਤੁਧੁ ਹਈ ਗਵਾਹ ।
ਜੇ ਤੂੰ ਸੱਚ ਇਨਸਾਫ਼ ਨੂੰ ਦਿੱਤਾ ਅੱਜ ਵਿਸਾਰ ।
ਤਾਂ ਤੈਨੂੰ ਵੀ ਭੁਲਸੀ ਉਹ ਸੱਚਾ ਕਰਤਾਰ ।
ਜੇ ਕਰ ਤੂੰ ਇਸ ਕੰਮ ਲਈ, ਕਸ ਕੇ ਬੱਧਾ ਲੱਕ ।
ਤੈਨੂੰ ਕਰੂ ਨਿਹਾਲ ਤਦ ਮੇਰਾ ਰੱਬ ਬੇਸ਼ਕ ।
ਇਹ ਨੇਕੀ ਦਾ ਕੰਮ ਉਹ ਜਿਸ ਤੋਂ ਸੌਰੇ ਦੀਨ ।
ਕਰੇ ਪਛਾਣ ਖ਼ੁਦਾ ਦੀ ਕਰਕੇ ਦਿਲੋਂ ਯਕੀਨ ।
ਨਾ ਜਾਣਾ ਕਿ ਰੱਬ ਦੀ ਤੈਨੂੰ ਕੋਈ ਪਛਾਣ ।
ਕਿਉਂਕਿ ਆਪਣੇ ਜ਼ੋਰ ਤੇ ਤੂੰ ਅੱਜ ਰੱਖੇਂ ਮਾਣ ।
ਤੈਨੂੰ ਕਦੀ ਪਛਾਣਸੀ ਨਾ ਉਹ ਪਾਕ ਖ਼ੁਦਾ ।
ਨਾ ਇਸ ਦੌਲਤ ਵੱਲ ਹੀ ਕਰਨੀ ਓਸ ਨਿਗਾਹ ।
ਜੇ ਕਰ ਤੂੰ ਸੌ ਵੇਰ ਵੀ ਖਾਵੇਂ ਕਸਮ ਕੁਰਾਨ ।
ਤਾਂ ਮੈਂ ਮੰਨਾਂ ਸੱਚ ਨਾ, ਝੂਠ ਨਾ ਇਸ ਵਿਚ ਜਾਣ ।
ਨਾ ਮੈਂ ਧੋਖੇ ਵਿਚ ਆ, ਜਾਵਾਂ ਸ਼ਾਹ ਦੇ ਪਾਸ ।
ਕਿਉਂਕਿ ਨਾ ਇਨਸਾਫ਼ ਦੀ ਮੈਨੂੰ ਉਸ ਤੋਂ ਆਸ ।
ਸ਼ਾਹਾਂ ਦਾ ਅੱਜ ਸ਼ਾਹ ਹੈ ਸੋਹਣਾ ਔਰੰਗਜ਼ੇਬ ।
ਮਹਾਂ ਚਲਾਕ ਹੁਸ਼ਿਆਰ ਉਹ ਪੜ੍ਹਦਾ ਸਦਾ ਕਤੇਬ ।
ਰੌਸ਼ਨ ਉਹਦੀ ਜ਼ਮੀਰ ਹੈ, ਚਿਹਰੇ ਚਮਕੇ ਨੂਰ ।
ਦੇਸ਼ਾਂ ਦਾ ਉਹ ਬਾਦਸ਼ਾਹ ਧਨੀਆਂ ਵਿਚ ਮਸ਼ਹੂਰ ।
ਸਿਆਣਾ, ਮਾਲਿਕ ਤੇਗ਼ ਦਾ, ਰਜ ਕੇ ਦਾਨਿਸ਼ਮੰਦ ।
ਕੀਤਾ ਦੇਗ਼ ਤੇ ਤੇਗ਼ ਨੇ ਰੁਤਬਾ ਜਿਦ੍ਹਾ ਬੁਲੰਦ ।
ਰੌਸ਼ਨ ਸਾਫ਼ ਜ਼ਮੀਰ ਹੈ, ਸੋਹਣੀ ਸ਼ਕਲ ਕਮਾਲ ।
ਖਾਦਮਾਂ ਨੂੰ ਸਦ ਬਖ਼ਸ਼ਦਾ ਮਿਲਖ, ਜਗੀਰਾਂ ਮਾਲ ।
ਦਾਨੀ ਮਹਾਂ ਦਲੇਰ ਹੈ ਅੰਦਰ ਜੰਗ ਮਦਾਨ ।
ਉੱਚਾ ਵਾਂਗ ਅਸਮਾਨ ਦੇ ਨਿਰਾ ਫ਼ਰਿਸ਼ਤਾ ਜਾਣ ।
ਸ਼ਾਹਾਂ ਦਾ ਹੈ ਬਾਦਸ਼ਾਹ ਆਲਮ ਸ਼ਾਹ ਔਰੰਗ ।
ਦੁਨੀਆਂ ਦਾ ਸਰਦਾਰ ਹੈ, ਪਰ ਦੀਨੋਂ ਹੈ ਨੰਗ ।
ਪੱਥਰ ਪੂਜ ਪਹਾੜੀਆਂ ਦਾ ਮੈਂ ਸੋਧਣ ਹਾਰ ।
ਮੈਂ ਬੁੱਤ ਤੋੜਾਂ ਉਹਨਾਂ ਦੇ, ਏਹੋ ਹੈ ਤਕਰਾਰ ।
ਸਦਾ ਵਫ਼ਾਓਂ ਸੱਖਣਾ ਸ਼ੋਹਦਾ ਇਹ ਅਸਮਾਨ ।
ਤੱਕ ਨਾ ਪਿੱਛੇ ਲੱਗ ਕੇ, ਕਿਵੇਂ ਕਰਦਾ ਨੁਕਸਾਨ ।
ਪਰ ਉਹ ਸੱਚੇ ਰੱਬ ਦੀ ਨੇਕੀ ਵੱਲ ਨਿਹਾਰ ।
ਜੋ ਦਸ ਲੱਖ ਮਰਵਾਂਵਦਾ ਇਕ ਪਾਸੋਂ ਕਰ ਖ਼ੁਆਰ ।
ਕੀ ਵੈਰੀ ਕਰ ਸਕਦਾ ਜਦ ਰਾਜ਼ੀ ਕਰਤਾਰ ।
ਬਖ਼ਸ਼ਿਸ਼ ਕਰਦਾ ਹੈ ਸਦਾ ਮਿਹਰਾਮਤ ਅਵਤਾਰ ।
ਮੁਕਤੀ ਦਾਤਾ ਦੱਸਦਾ ਆਗੂ ਬਣ ਕੇ ਰਾਹ ।
ਤੇ ਲਿਆਂਦਾ ਹੈ ਜੀਭ ਤੇ ਆਪੀਂ ਸਿਫ਼ਤ ਸਲਾਹ ।
ਕੰਮ ਦੇ ਵੇਲੇ ਕਰ ਦਵੇ ਦੁਸ਼ਮਣ ਦੀ ਅੱਖ ਕੋਰ ।
ਬਲਦੀ ਵਿਚੋਂ ਕੱਢ ਲਵੇ ਆਜਿਜ਼ ਨੂੰ ਵਿਚ ਫੋਰ ।
ਜੋ ਵੀ ਕਰਦਾ ਸੱਚ ਨੂੰ ਸੱਚੇ ਦਿਲੋਂ ਪਿਆਰ ।
ਉਸ ਤੇ ਕਰਦਾ ਰਹਿਮ ਹੈ, ਦਾਤਾ ਸਿਰਜਣ ਹਾਰ ।
ਸੇਵਾ ਕੀਤੀ ਹੈ ਜਿਨ੍ਹੇ ਕਰ ਕੇ ਦਿਲੋਂ ਯਕੀਨ ।
ਸ਼ਾਂਤੀ ਦਾਤੇ ਓਸ ਨੂੰ ਬਖ਼ਸ਼ੇ ਦੁਨੀਆਂ ਦੀਨ ।
ਕੀ ਵੈਰੀ ਕਰ ਸਕਦਾ ਬਣ ਕੇ ਮਹਾਂ ਮਕਾਰ ।
ਜਦ ਅਗਵਾਈ ਰੱਬ ਦੀ ਹੱਥ ਪਕੜਨ ਨੂੰ ਤਿਆਰ ।
ਜੇ ਇਕ ਉਤੇ ਚੜ੍ਹ ਪਵੇ ਇਕ ਲੱਖ ਘੋੜ ਸਵਾਰ ।
ਤਾਂ ਰਾਖਾ ਬਣ ਜਾਂਵਦਾ ਆਲਮ ਦਾ ਸਰਦਾਰ ।
ਜੇ ਤੈਨੂੰ ਜ਼ਰ ਫ਼ੌਜ ਤੇ ਡਾਢਾ ਦਿਲੋਂ ਗੁਮਾਨ ।
ਤਾਂ ਮੇਰੀ ਅੱਖ ਓਸ ਤੇ ਜੋ ਜਗ ਦਾ ਭਗਵਾਨ ।
ਤੈਨੂੰ ਦਿਲੋਂ ਗ਼ਰੂਰ ਜੇ ਮੈਂ ਧਰਤੀ ਦਾ ਸ਼ਾਹ ।
ਤਾਂ ਮੈਂ ਵੀ ਹੈ ਲੈ ਲਈ ਰੱਬ ਦੀ ਦਿਲੋਂ ਪਨਾਹ ।
ਗ਼ਾਫ਼ਲ ਹੋ ਕੇ ਬੈਠ ਨਾ ਇਹ ਜਗ ਵਾਂਗ ਸਰਾਇ ।
ਕੇਤੇ ਆਏ ਟੁਰ ਗਏ ਆਪਣਾ ਜ਼ੋਰ ਦਿਖਾਇ ।
ਏਸ ਜ਼ਮਾਨੇ ਸੰਦੜੀ ਗਰਦਸ਼ ਵਲ ਨਿਹਾਰ ।
ਜੋ ਨਾ ਦੇਂਦਾ ਕਿਸੇ ਨੂੰ ਏਥੇ ਲੈਣ ਕਰਾਰ ।
ਆਜਿਜ਼ ਅਤੇ ਗ਼ਰੀਬ ਤੇ ਨਾ ਤੂੰ ਜ਼ੋਰ ਦਿਖਾ ।
ਮਰਦਾਂ ਵਾਂਗੂੰ ਕਦੇ ਤੇ ਕੀਤੇ ਕੌਲ ਨਿਭਾ ।
ਵੈਰੀ ਕੀ ਕਰ ਸਕਦਾ, ਜੇ ਰਾਖਾ ਹੋਏ ਯਾਰ ।
ਉਸ ਦੀ ਤੱਕਣੀ ਸਾਹਮਣੇ ਸਭ ਦੁਸ਼ਮਣੀਆਂ ਖ਼ੁਆਰ ।
ਚਾਹੇ ਵੈਰੀ ਕਰਨ ਪਏ ਬਿਦ ਬਿਦ ਵੈਰ ਹਜ਼ਾਰ ।
ਵਾਲ ਨਾ ਵਿੰਗਾ ਕਰ ਸਕਣ ਜੇ ਦੋਸਤ ਕਰਤਾਰ ।
ਗਿਣਤੀ ਰਹਿਤ ਅਭੰਜ ਪ੍ਰਭ ਜਿਸ ਦਾ ਰੂਪ ਨਾ ਰੇਖ ।
ਬੰਧਨ ਮੁਕਤ ਬੇਅੰਤ ਹੈ ਭਰਮੋ ਰਹਿਤ ਅਲੇਖ ।
ਰਾਗ, ਰੂਪ, ਰੰਗ, ਰੇਖ ਤੋਂ ਨਿਆਰਾ ਰਹੇ ਨਿਸੰਗ ।
ਜਨਮਾਂ ਵਰਨਾਂ ਵਿਚ ਨਾ, ਸੂਖਮ ਸਦਾ ਅਭੰਗ ।
ਅਛੇਦ, ਅਭੇਦ, ਅਕਰਨ ਹੈ, ਕਰਮੋਂ ਰਹਿਤ ਅਕਾਮ ।
ਖੇਦ ਨਾ ਭੇਦ ਨਾ ਭਰਮ ਹੈ, ਮਾਇਆ ਤੋਂ ਨਿਸ਼ਕਾਮ ।
ਨਾ ਉਸ ਰੇਖ ਨਾ ਭੇਖ ਕੁਈ ਸਦਾ ਅਲੇਖ ਅਭੰਗ ।
ਬਖ਼ਸ਼ਿਸ਼ ਦਾਤਾ ਦੇ ਅਜਬ ਮੈਂ ਤੱਕੇ ਇਹ ਰੰਗ ।
ਅੰਮ੍ਰਿਤ ਕੌਰ
ਸੇਵਾ-ਮੁਕਤ ਪ੍ਰੋਫੈਸਰ
ਪੰਜਾਬੀ ਯੂਨੀਵਰਸਿਟੀ
ਪਟਿਆਲਾ, ਪੰਜਾਬ।
Email: amritkaurchd40@gmail.com